ਵੱਧ ਰਹੇ ਤਾਪਮਾਨ ਦੇ ਮਾੜੇ ਪ੍ਰਭਾਵਾਂ ਤੋਂ ਫਸਲਾਂ ਦਾ ਬਚਾਅ ਜ਼ਰੂਰੀ-ਮੁੱਖ ਖੇਤੀਬਾੜੀ ਅਫਸਰ ਕਿਹਾ ! ਵਧਦੇ ਤਾਪਮਾਨ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕਿਸਾਨ ਪੋਟਾਸ਼ੀਅਮ ਤੱਤਾਂ ਦੀ ਵਰਤੋਂ ਜਰੂਰ ਕਰਨ

0

ਮੋਗਾ, 14 ਫਰਵਰੀ,(Rakesh Kumar Chhabra)
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮੋਗਾ ਦੇ ਮੁੱਖ ਖੇਤੀਬਾੜੀ ਅਫਸਰ, ਡਾ. ਕਰਨਜੀਤ ਸਿੰਘ ਗਿੱਲ ਅਤੇ ਉਨ੍ਹਾਂ ਦੇ ਖੇਤੀ ਮਾਹਿਰਾਂ ਨੇ ਦੱਸਿਆ ਕਿ ਸਾਲ-2025 ਦੌਰਾਨ ਫਰਵਰੀ ਮਹੀਨੇ ਦਾ ਤਾਪਮਾਨ ਪਿਛਲੇ ਸਾਲ ਫਰਵਰੀ ਦੇ ਤਾਪਮਾਨ ਤੋਂ ਲੱਗਭਗ 2 ਡਿਗਰੀ ਜ਼ਿਆਦਾ ਹੈ। ਅੱਜ-ਕੱਲ੍ਹ ਦਾ ਤਾਪਮਾਨ ਲੱਗਭਗ 27-28 ਡਿਗਰੀ ਸੈਂਟੀਗ੍ਰੇਟ ਦਰਜ ਕੀਤਾ ਜਾ ਰਿਹਾ ਹੈ ਅਤੇ ਰਾਤ ਦਾ ਤਾਪਮਾਨ 7-8 ਡਿਗਰੀ ਸੈਟੀਗ੍ਰੇਟ ਦਰਜ ਕੀਤਾ ਜਾ ਰਿਹਾ ਹੈ। ਇਸ ਦਾ ਕਣਕ ਦੀ ਫ਼ਸਲ ਦੇ ਝਾੜ ਉਪਰ ਮਾੜਾ ਪ੍ਰਭਾਵ ਪੈ ਸਕਦਾ ਹੈ। ਉਹਨਾਂ ਦੱਸਿਆ ਕਿ ਵੱਧ ਤਾਪਮਾਨ ਅਤੇ ਧੁੱਪ ਬੇਸ਼ੱਕ ਕਣਕ ਵਿਚ ਪ੍ਰੋਟੀਨ ਤੱਤ ਵਧਾਉਂਦਾ ਹੈ, ਪ੍ਰੰਤੂ ਪ੍ਰੋਟੀਨ ਦੀ ਗੁਣਵੱਤਾ ਘੱਟ ਜਾਂਦੀ ਹੈ। ਇਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕਿਸਾਨ ਪੋਟਾਸ਼ੀਅਮ ਤੱਤਾਂ ਦੀ ਵਰਤੋਂ ਕਰ ਸਕਦੇ ਹਨ। ਪੋਟਾਸ਼ੀਅਮ ਤੱਤ ਫਸਲਾਂ ਦੀ ਰੋਗਾਂ ਅਤੇ ਮਾੜੇ ਵਾਤਾਵਰਣ ਹਾਲਤਾਂ ਪ੍ਰਤੀ ਟਾਕਰਾ ਕਰਨ ਦੀ ਸਮਰੱਥਾ ਵਧਾਉਂਦਾ ਹੈ। ਇਸ ਲਈ ਕਿਸਾਨ ਗੋਭ ਵਾਲਾ ਪੱਤਾ ਨਿਕਲਣ ਵੇਲੇ ਪੋਟਾਸ਼ੀਅਮ ਨਾਈਟਰੇਟ (13:00:45) ਦੀ 4 ਕਿਲੋਗ੍ਰਾਮ ਪੋਟਾਸ਼ੀਅਮ ਨਾਈਟਰੇਟ 200 ਲੀਟਰ ਪਾਣੀ ਵਿਚ ਘੋਲ ਕੇ ਸਪਰੇਅ ਜ਼ਰੂਰ ਕਰਨ।
ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਕਿਸਾਨਾਂ ਨੂੰ ਇਸ ਦੀ ਦੂਜੀ ਸਪਰੇਅ ਕਣਕ ਦੇ ਬੂਰ ਪੈਣ ਸਮੇਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕਿਸਾਨ ਵਧਦੇ ਤਾਪਮਾਨ ਤੋਂ ਬਚਣ ਲਈ ਫ਼ਸਲਾਂ ਨੂੰ ਲੋੜ ਅਨੁਸਾਰ ਪਾਣੀ ਜਰੂਰ ਲਗਾਉਣ। ਕਿਸਾਨ ਬੇਲੋੜੀਆਂ ਕੀਟਨਾਸ਼ਕ ਅਤੇ ਖਾਦਾਂ ਦੀ ਵਰਤੋਂ ਨਾ ਕਰਨ ਤਾਂ ਜੋ ਖੇਤੀ ਖਰਚਿਆਂ ਵਿਚ ਵਾਧਾ ਕਰਨ ਤੋਂ ਬਚਿਆ ਜਾ ਸਕੇ।
ਉਹਨਾਂ ਦੱਸਿਆ ਕਿ ਦੁਨੀਆਂ ਪੱਧਰ ਤੇ ਹੋਏ ਗੈਰ ਕੁਦਰਤੀ ਵਿਕਾਸ ਨੇ ਵਾਤਾਵਰਣ ਨਾਲ ਬੇਹੱਦ ਖਿਲਵਾੜ ਕੀਤਾ ਹੈ, ਜਿਸ ਕਾਰਨ ਆਲਮੀ-ਤਪਸ਼ ਵੱਧ ਰਹੀ ਹੈ ਅਤੇ ਮੌਸਮ ਵਿਚ ਕਈ ਕਿਸਮ ਦੇ ਬਦਲਾਅ ਵੇਖਣ ਨੂੰ ਮਿਲ ਰਹੇ ਹਨ। ਸਾਨੂੰ ਆਪਣੇ ਜਲਵਾਯੂ ਨੂੰ ਬਚਾਉਣ ਲਈ ਟਿਕਾਊ ਖੇਤੀ ਦੀ ਲੋੜ ਹੈ, ਜਿਸ ਤਹਿਤ ਫਸਲੀ-ਵਿਭਿੰਨਤਾ ਅਤੇ ਕੁਦਰਤੀ ਖੇਤੀ ਸਮੇਂ ਦੀ ਲੋੜ ਹੈ।

About The Author

ਮੋਗਾ, 31 ਮਈ – ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਨਸ਼ਾ ਮੁਕਤ ਕਰਨ ਦੀ ਵਿੱਢੀ ਮੁਹਿੰਮ ਤਹਿਤ ਰਾਜ ਭਰ ਦੇ ਪਿੰਡਾਂ ਤੇ ਵਾਰਡਾਂ ਵਿੱਚ ਨਸ਼ਾ ਮੁਕਤੀ ਯਾਤਰਾਵਾਂ ਕੀਤੀਆਂ ਜਾ ਰਹੀਆਂ ਹਨ । ਇਸ ਰਾਹੀਂ ਹਰ ਘਰ ਤੱਕ ਇਹ ਸੁਨੇਹਾ ਪਹੁੰਚਾਇਆ ਜਾ ਰਿਹਾ ਹੈ ਕਿ ਨਸ਼ਿਆਂ ਦਾ ਖਾਤਮਾ ਕਰਨ ਲਈ ਸਰਕਾਰ ਵਚਨਬੱਧ ਹੈ ਅਤੇ ਲੋਕਾਂ ਦੇ ਸਰਗਰਮ ਸਹਿਯੋਗ ਦੀ ਵੀ ਬੇਹਦ ਜ਼ਰੂਰਤ ਹੈ। ਨਸ਼ਿਆਂ ਖਿਲਾਫ ਫੈਸਲਾਕੁੰਨ ਲੜਾਈ ਦੇ ਅਗਲੇ ਪੜਾਅ ਵਜੋਂ ਹੁਣ ਸਰਕਾਰ ਵੱਲੋਂ ਨਸ਼ਾ ਮੁਕਤੀ ਯਾਤਰਾ ਸ਼ੁਰੂ ਕੀਤੀ ਗਈ ਹੈ ਤਾਂ ਕਿ ਪਿੰਡ ਪੱਧਰ ‘ਤੇ ਜਾ ਕੇ ਡਿਫੈਂਸ ਕਮੇਟੀਆਂ ਦੇ ਸਹਿਯੋਗ ਨਾਲ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਨਾਗਰਿਕਾਂ ਨੂੰ ਜਾਣੂ ਕਰਵਾਇਆ ਜਾ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਬਾਘਾਪੁਰਾਣਾ ਸਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਲੰਡੇ, ਮਾਹਲਾ ਕਲਾਂ, ਲੰਘੇਆਣਾ ਪੁਰਾਣਾ, ਲੰਘੇਆਣਾ ਨਵਾਂ, ਚੋਟੀਆਂ ਠੋਬਾ, ਜੈ ਸਿੰਘ ਵਾਲਾ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤਾ। ਉਹਨਾਂ ਦੱਸਿਆ ਕਿ ਨਸ਼ਾ ਤਸਕਰਾਂ ਖਿਲਾਫ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਾਨੂੰਨੀ ਕਰਵਾਈ ਕੀਤੀ ਜਾ ਰਹੀ ਹੈ। ਨਸ਼ਾ ਪੀੜਤਾਂ ਦਾ ਸਹੀ ਇਲਾਜ ਕਰਕੇ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਲਈ ਸਾਰਥਕ ਯਤਨ ਕੀਤੇ ਜਾ ਰਹੇ ਹਨ। ਪਿੰਡ ਤੇ ਵਾਰਡ ਪੱਧਰ ਦੀਆਂ ਡਿਫੈਂਸ ਕਮੇਟੀਆਂ ਨਾਲ ਲੋਕ ਆਪ ਮੁਹਾਰੇ ਜੁੜਨ ਲੱਗੇ ਹਨ ਅਤੇ ਹੁਣ ਇਹ ਜੰਗ ਇਕੱਲੇ ਇਕੱਲੇ ਵਾਰਡ ਅਤੇ ਪਿੰਡ ਵਿਚੋਂ ਚੱਲਣ ਲੱਗੀ ਹੈ। ਜ਼ਮੀਨੀ ਪੱਧਰ ਤੇ ਇਹ ਮੁਹਿੰਮ ਪਹੁੰਚ ਚੁੱਕੀ ਹੈ ਅਤੇ ਪੰਜਾਬ ਜਲਦੀ ਨਸ਼ਾ ਮੁਕਤ ਹੋ ਕੇ ਰੰਗਲਾ ਪੰਜਾਬ ਬਣੇਗਾ। ਨਸ਼ਾ ਮੁਕਤੀ ਯਾਤਰਾ ਵਿੱਚ ਲੋਕਾਂ ਨੇ ਨਸ਼ਾ ਮੁਕਤੀ ਵਿੱਚ ਸਰਕਾਰ ਨੂੰ ਪੂਰਨ ਸਹਿਯੋਗ ਦੇਣ ਦੀ ਸਹਿਮਤੀ ਪ੍ਰਗਟਾਈ। ਉਹਨਾਂ ਪਿੰਡ ਵਾਸੀਆਂ ਨੂੰ ਨਸ਼ਿਆਂ ਨਾਲ ਇਕਜੁੱਟ ਹੋ ਕੇ ਲੜਨ ਦੀ ਸਹੁੰ ਚੁਕਾਈ। ਉਹਨਾਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਲੋਕ ਪੰਜਾਬ ਸਰਕਾਰ ਦਾ ਨਸ਼ਾ ਵਿਰੋਧੀ ਮੁਹਿੰਮ ਵਿੱਚ ਬਿਨਾ ਕਿਸੇ ਦਬਾਅ ਤੋਂ ਸਹਿਯੋਗ ਦੇਣ। ਉਹਨਾਂ ਕਿਹਾ ਕਿ ਜੇਕਰ ਹਰੇਕ ਵਾਰਡ ਜਾਂ ਪਿੰਡਾਂ ਦੀਆਂ ਪੰਚਾਇਤਾਂ ਨਸ਼ਾ ਮੁਕਤੀ ਦਾ ਪ੍ਰਣ ਲੈ ਲੈਣਗੀਆਂ ਤਾਂ ਨਸ਼ਾ ਜਾਂ ਨਸ਼ਾ ਤਸਕਰਾਂ ਦਾ ਨਾਮੋ ਨਿਸ਼ਾਨ ਵੀ ਨਹੀਂ ਰਹੇਗਾ। ਹੁਣ ਕਿਸੇ ਵੀ ਨਸ਼ਾ ਤਸਕਰ ਨੂੰ ਸਿਆਸੀ ਜਾਂ ਹੋਰ ਕੋਈ ਸਹਿਯੋਗ ਨਹੀਂ ਮਿਲ ਰਿਹਾ ਇਸ ਲਈ ਬਹੁਤ ਜਲਦ ਪੰਜਾਬ ਨਸ਼ਾ ਮੁਕਤ ਹੋਵੇਗਾ। ਉਹਨਾਂ ਸਮੂਹ ਵਾਰਡ ਵਾਸੀਆਂ ਨੂੰ ਨਸ਼ਾ ਮੁਕਤੀ ਮੁਹਿੰਮ ਵਿੱਚ ਆਪਣਾ ਪੂਰਨ ਸਹਿਜੋਗ ਦੇਣ ਦਾ ਪ੍ਰਣ ਦਿਵਾਇਆ। ਉਹਨਾਂ ਦੱਸਿਆ ਕਿ ਨਸ਼ਾ ਪੀੜਤਾਂ ਦਾ ਸਹੀ ਇਲਾਜ ਕਰਕੇ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਲਈ ਸਾਰਥਕ ਯਤਨ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *