ਪਿੰਡ ਵਾਸੀ ਕਰਾਰ ਕਰਨ ਕਿ ਉਹ ਨਸ਼ਾ ਤਸਕਰਾਂ ਦੀ ਕਿਸੇ ਵੀ ਤਰੀਕੇ ਨਾਲ ਮੱਦਦ ਨਹੀਂ ਕਰਨਗੇ”-ਵਿਧਾਇਕ ਅਮਨਦੀਪ ਕੌਰ ਅਰੋੜਾ ਬੁੱਘੀਪੁਰਾ, ਬਹੋਨਾ, ਮਹਿਰੋਂ ਤੇ ਮੋਗਾ ਦੇ ਵਾਰਡਾਂ ਵਿੱਚ ਨਸ਼ਾ ਮੁਕਤੀ ਯਾਤਰਾ ਅਧੀਨ ਕੀਤਾ ਜਾਗਰੂਕ ਲੋਕਾਂ ਨੇ ਨਸ਼ਿਆਂ ਦੀ ਜੰਗ ਵਿੱਚ ਹਰ ਸੰਭਵ ਸਾਥ ਦੇਣ ਦੀ ਭਰੀ ਹਾਮੀ

ਮੋਗਾ, 19 ਮਈ,[Rakesh kumar chhabra]
ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਵਿੱਚ ਹਰੇਕ ਨਾਗਰਿਕ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਨਸ਼ਾ ਮੁਕਤੀ ਯਾਤਰਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਸਰਕਾਰ, ਪ੍ਰਸ਼ਾਸ਼ਨ, ਹਰੇਕ ਸਰਕਾਰੀ ਵਿਭਾਗ, ਡਿਫੈਂਸ ਕਮੇਟੀਆਂ ਤੇ ਆਮ ਲੋਕ ਜਦੋਂ ਇਸ ਨਸ਼ਿਆਂ ਵਿਰੁੱਧ ਇਕੱਠੇ ਹੋ ਕੇ ਲੜਨਗੇ ਤਾਂ ਬਹੁਤ ਥੋੜੇ ਸਮੇਂ ਵਿੱਚ ਹੀ ਨਸ਼ਾ ਖਤਮ ਹੋ ਜਾਵੇਗਾ। ਹੁਣ ਲੋਕ ਇਸ ਮੁਹਿੰਮ ਨਾਲ ਜਮੀਨੀ ਪੱਧਰ ਤੋਂ ਜੁੜਨੇ ਸ਼ੁਰੂ ਹੋ ਚੁੱਕੇ ਹਨ, ਜਿਸਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਵਾਰਡ ਨੰਬਰ 19, 13 , 21 ਤੋਂ ਇਲਾਵਾ ਬੁੱਘੀਪੁਰਾ, ਬਹੋਨਾ, ਮਹਿਰੋਂ ਪਿੰਡ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕਰਨ ਮੌਕੇ ਕੀਤਾ। ਇਸ ਮੌਕੇ ਉਹਨਾਂ ਨਾਲ ਨਗਰ ਨਿਗਮ ਮੇਅਰ ਸ੍ਰ. ਬਲਜੀਤ ਸਿੰਘ ਚਾਨੀ ਤੇ ਹੋਰ ਵੀ ਮੋਹਤਬਰ ਵਿਅਕਤੀ ਹਾਜਰ ਸਨ।
ਉਹਨਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਦਿਨ ਰਾਤ ਯਤਨਸ਼ੀਲ ਹੈ, ਨਸ਼ਾ ਤਸਕਰਾਂ ਉਪਰ ਕੀਤੀਆਂ ਗਈਆਂ ਮਿਸਾਲੀ ਕਾਰਵਾਈਆਂ ਇਸ ਗੱਲ ਦੀ ਗਵਾਹੀ ਵੀ ਭਰ ਰਹੀਆਂ ਹਨ। ਉਹਨਾਂ ਦੱਸਿਆ ਕਿ ਹੁਣ ਪੰਜਾਬ ਸਰਕਾਰ ਨੂੰ ਲੋਕਾਂ ਤੋਂ ਪੂਰੀ ਉਮੀਦ ਹੈ ਕਿ ਪੰਜਾਬ ਦਾ ਇਕੱਲਾ ਇਕੱਲਾ ਵਿਅਕਤੀ ਆਪਣੀ ਨੈਤਿਕ ਜਿੰਮੇਵਾਰੀ ਸਮਝੇਗਾ ਅਤੇ ਨਸ਼ਿਆਂ ਵਿਰੁੱਧ ਲੜੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਛੱਡ ਚੁੱਕੇ ਨੌਜਵਾਨਾਂ ਦੀ ਮੱਦਦ ਲਈ ਨਸ਼ਾ ਛੁਡਾਊ ਕੇਂਦਰਾਂ ਵਿੱਚ ਸਹੂਲਤਾਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਗਈ ਹੈ ਅਤੇ ਨਸ਼ਾ ਤਸਕਰਾਂ ਖਿਲਾਫ ਫੈਸਲਾਕੁੰਨ ਜੰਗ ਆਰੰਭੀ ਗਈ ਹੈ ਤਾਂ ਜੋ ਸਮਾਜਿਕ ਬੁਰਾਈ ਨਸ਼ਿਆਂ ਨੂੰ ਖਤਮ ਕਰਕੇ ਆਉਣ ਵਾਲੀਆਂ ਪੀੜੀਆਂ ਨੂੰ ਫਿਰ ਤੋਂ ਹੱਸਦਾ ਵੱਸਦਾ ਪੰਜਾਬ ਮਿਲ ਸਕੇ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਹ ਕਰਾਰ ਕਰਨ ਕਿ ਉਹ ਨਸ਼ਾ ਤਸਕਰਾਂ ਦੀ ਕਿਸੇ ਵੀ ਤਰੀਕੇ ਨਾਲ ਮਦਦ ਨਹੀਂ ਕਰਨਗੇ ਤਾਂ ਜੋ ਅਸੀ ਆਪਣੇ ਬੱਚਿਆਂ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾ ਸਕੀਏ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਸਰਕਾਰੀ ਉਪਰਾਲਿਆਂ ਨਾਲ ਨਾਲ ਸਮੂਹ ਸਮਾਜ ਦੀ ਭਾਗੀਦਾਰੀ ਵੀ ਬੇਹੱਦ ਜ਼ਰੂਰੀ ਹੈ। ਪਿੰਡਾਂ ਤੇ ਵਾਰਡਾਂ ਦੇ ਲੋਕਾਂ ਨੇ ਨਸ਼ਿਆਂ ਦੀ ਜੰਗ ਵਿੱਚ ਸਰਕਾਰ ਦਾ ਹਰ ਸੰਭਵ ਸਾਥ ਦੇਣ ਦੀ ਹਾਮੀ ਵੀ ਭਰੀ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਕੀਤੇ ਜਾ ਰਹੇ ਸਖਤ ਫੈਸਲਿਆਂ ਸਦਕਾ ਹੁਣ ਪੰਜਾਬ ਦੀ ਧਰਤੀ ਨੂੰ ਨਸ਼ਿਆਂ ਦੇ ਬਹੁਤੇ ਵਪਾਰੀ ਛੱਡ ਕੇ ਚਲੇ ਗਏ ਹਨ ਅਤੇ ਨਸ਼ਿਆਂ ਦਾ ਸੇਵਨ ਕਰਨ ਵਾਲੇ ਨੌਜਵਾਨ ਵੀ ਸਵੈ ਇੱਛਾ ਨਾਲ ਨਸ਼ਿਆਂ ਦਾ ਤਿਆਗ ਕਰ ਰਹੇ ਹਨ। ਵਿਧਾਇਕ ਨੇ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਦਾ ਮੰਤਵ ਸਮੂਹ ਵਰਗਾਂ ਦੇ ਸਹਿਯੋਗ ਨਾਲ ਨਸ਼ਿਆਂ ਦਾ ਖਾਤਮਾ ਕਰਨਾ ਹੈ ਅਤੇ ਹਰੇਕ ਪਿੰਡ ਤੇ ਹਰੇਕ ਗਲੀ ਨੂੰ ਨਸ਼ਾ ਮੁਕਤ ਕਰਨਾ ਸਰਕਾਰ ਦੀ ਤਰਜੀਹ ਹੈ।
ਹੁਣ 21 ਮਈ ਨੂੰ ਝੰਡੇਵਾਲਾ, ਚੜਿੱਕ ਜੰਗੀਰ ਪੱਤੀ, ਚੁੱਪਕੀਤੀ ਪਿੰਡਾਂ ਦੇ ਵਾਸੀ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਪ੍ਰਣ ਲੈਣਗੇ